
ਸਕੂਲੀ ਸਿੱਖਿਆ ਦੇ ਸਮਾਜਿਕ ਬਰਾਬਰੀ ਵਾਲੇ ਉਦੇਸ਼ ਨੂੰ ਗੰਭੀਰ ਸੰਕਟ
ਸਰਕਾਰੀ ਸਕੂਲਾਂ ਵਿੱਚ ਜਨਰਲ ਵਰਗ ਦੇ ਵਿਦਿਆਰਥੀਆਂ ਦੀ ਗਿਣਤੀ ਬੇਹੱਦ ਘਟੀ
ਫਰੀਦਕੋਟ ਜਿਲ੍ਹੇ ਦੇ ਸਕੂਲਾਂ ਵਿੱਚ ਪੀਪਲਜ਼ ਫੋਰਮ ਦਾ ਸਰਵੇਖਣ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਨਰਲ ਕੈਟੇਗਰੀ ਦੇ ਵਿਦਿਆਰਥੀਆਂ ਦੀ ਗਿਣਤੀ ਘਟਣ ਦੇ ਰੁਝਾਨ ਵਿੱਚ ਲਗਾਤਾਰ ਵਾਧਾ ਹੋਣ ਕਾਰਣ ਇਹਨਾਂ ਸਕੂਲਾਂ ਵਿੱਚ ਆਉਂਦੇ ਸਾਲਾਂ ਦੌਰਾਨ ਸਿਰਫ ਆਰਥਿਕ ਪੱਖੋਂ ਨਿਮਨ ਰਿਜ਼ਰਵ ਵਰਗਾਂ ਦੇ ਵਿਦਿਆਰਥੀ ਹੀ ਦਾਖਲ ਰਹਿ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਸਿੱਟੇ ਵਜੋਂ ਸਿੱਖਿਆ ਦੇ ਸਮਾਜਿਕ ਬਰਾਬਰੀ ਵਾਲੇ ਮੁਢਲੇ ਉਦੇਸ਼ ਨੂੰ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਇਹ ਤੱਥ ਪੇਂਡੂ ਸਿੱਖਿਆ ਦੇ ਖੇਤਰ ਵਿੱਚ ਸਰਗਰਮ ਐਨ.ਜੀ.ਓ. ਪੀਪਲਜ਼ ਫੋਰਮ ਪੰਜਾਬ (ਰਜਿ.) ਬਰਗਾੜੀ ਵੱਲੋਂ ਫਰੀਦਕੋਟ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਬੰਧੀ ਕੀਤੇ ਗਏ ਸਰਵੇਖਣ ਵਿੱਚ ਉਭਰ ਕੇ ਸਾਹਮਣੇ ਆਏ ਹਨ। ਇਸ ਸੰਸਥਾ ਵੱਲੋਂ ਫਰੀਦਕੋਟ ਜਿਲ੍ਹੇ ਦੇ 5 ਸੈਕੰਡਰੀ, 5 ਹਾਈ ਅਤੇ 5 ਐਲੀਮੈਂਟਰੀ ਸਕੂਲਾਂ ਨੂੰ ਇਸ ਸਰਵੇਖਣ ਲਈ ਚੁਣਿਆ ਗਿਆ ਸੀ ਅਤੇ ਪਿਛਲੇ ਅੱਠ ਸਾਲਾਂ ਦੇ ਛੇਵੀਂ ਸ਼੍ਰੇਣੀ ਦੇ ਦਾਖਲਿਆਂ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਇਸ ਸਰਵੇਖਣ ਮੁਤਾਬਿਕ ਸੰਨ 2000 ਵਿੱਚ ਇਹਨਾਂ 15 ਸਕੂਲਾਂ ਵਿੱਚ ਛੇਵੀਂ ਜਮਾਤ ਅੰਦਰ ਕੁੱਲ 905 ਵਿਦਿਆਰਥੀ ਦਾਖਲ ਹੋਏ ਜਿੰਨ੍ਹਾਂ ਵਿਚੋਂ 385 ਵਿਦਿਆਰਥੀ ਜਨਰਲ ਵਰਗ ਨਾਲ ਸਬੰਧਿਤ ਸਨ ਜੋ ਕਿ ਕੁੱਲ ਵਿਦਿਆਰਥੀਆਂ ਦਾ 42.5 ਪ੍ਰਤੀਸ਼ਤ ਹਿੱਸਾ ਬਣਦਾ ਸੀ। ਜਦ ਕਿ ਇਸ ਵਰ੍ਹੇ ਇਹਨਾਂ ਹੀ ਸਕੂਲਾਂ ਵਿੱਚ ਦਾਖਲ ਹੋਣ ਵਿਦਿਆਰਥੀਆਂ ਦੀ ਕੁੱਲ ਗਿਣਤੀ ਵਧ ਕੇ 928 ਹੋਣ ਦੇ ਬਾਵਜੂਦ ਵੀ ਜਨਰਲ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਦੀ ਗਿਣਤੀ ਬੇਹੱਦ ਘਟ ਕੇ 212 ਹੀ ਰਹਿ ਗਈ ਜੋ ਕਿ ਛੇਵੀਂ ਵਿੱਚ ਕੁੱਲ ਦਾਖਲੇ ਦਾ ਸਿਰਫ 22.8 ਪ੍ਰਤੀਸ਼ਤ ਹੀ ਹੈ। ਇਸ ਤਰ੍ਹਾਂ ਪਿਛਲੇ ਸਿਰਫ 8 ਸਾਲਾਂ ਦੇ ਅਰਸੇ ਵਿੱਚ ਹੀ ਸਰਕਾਰੀ ਸਕੂਲਾਂ ਵਿੱਚ ਜਨਰਲ ਵਰਗ ਦੇ ਵਿਦਿਆਰਥੀਆਂ ਦੀ ਗਿਣਤੀ ਔਸਤਨ 20 ਪ੍ਰਤੀਸ਼ਤ ਘਟ ਗਈ ਹੈ ਜੋ ਕਿ ਸਾਡੇ ਸਮਾਜਿਕ ਢਾਂਚੇ ਵਿੱਚ ਪੈਦਾ ਹੋਣ ਵਾਲੇ ਸੰਭਾਵੀ ਵਿਗਾੜਾਂ ਪ੍ਰਤੀ ਫਿਕਰਮੰਦੀ ਦੀ ਮੰਗ ਕਰਦੀ ਹੈ। ਇਸ ਵਰਤਾਰੇ ਨਾਲ ਵਿਦਿਆਰਥੀ ਜੀਵਨ ਦੌਰਾਨ ਵੱਖ ਵੱਖ ਵਰਗਾਂ ਦੇ ਬੱਚਿਆਂ ਵਿੱਚ ਪੈਦਾ ਹੋਣ ਵਾਲੇ ਆਪਸੀ ਮੇਲ-ਜੋਲ ਅਤੇ ਭਾਈਚਾਰਕ ਸਾਂਝ ਨੂੰ ਸੱਟ ਵਜ ਰਹੀ ਹੈ।
ਸੰਸਥਾ ਪੀਪਲਜ਼ ਫੋਰਮ ਵੱਲੋਂ ਇਸ ਸਰਵੇਖਣ ਅਧੀਨ ਹਰੀ ਨੌ, ਸਰਾਵਾਂ, ਬਰਗਾੜੀ, ਪੰਜਗਰਾਈਂ ਕਲਾਂ, ਰੱਤੀ ਰੋੜੀ-ਡੱਗੋ ਰੋਮਾਣਾ ਦੇ ਸੀਨੀਅਰ ਸੈਕੰਡਰੀ ਸਕੂਲ, ਬਹਿਬਲ ਖੁਰਦ, ਦਬੜੀਖਾਨਾ, ਸੁਰਗਾਪੁਰੀ (ਕੋਟਕਪੂਰਾ), ਰੋਮਾਨਾ ਅਲਬੇਲ ਸਿੰਘ ਅਤੇ ਅਜਿੱਤਗਿੱਲ ਦੇ ਹਾਈ ਸਕੂਲ ਅਤੇ ਰਣ ਸਿੰਘ ਵਾਲਾ, ਦੇਵੀ ਵਾਲਾ, ਬੁਰਜ ਹਰੀਕਾ, ਡੋਡ ਅਤੇ ਕਿਲਾ ਸਕੂਲ (ਕੋਟਕਪੂਰਾ) ਦੇ ਐਲੀਮੈਂਟਰੀ ਸਕੂਲਾਂ ਦੇ ਪਿਛਲੇ 8 ਸਾਲਾਂ ਦੇ ਛੇਵੀਂ ਜਮਾਤ ਵਿੱਚ ਦਾਖਲ ਹੋ ਰਹੇ ਵੱਖ ਵੱਖ ਵਰਗਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸਰਵੇਖਣ ਸਮੇਂ ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਇਆ ਕਿ ਕੁਝ ਸਰਕਾਰੀ ਸਕੂਲਾਂ ਵਿੱਚ ਪਿਛਲੇ ਅੱਠ ਸਾਲਾਂ ਦੌਰਾਨ ਜਿੱਥੇ ਦਾਖਲਾ ਲੈਣ ਵਾਲੇ ਕੁੱਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਆ ਰਿਹਾ ਹੈ ਉਥੇ ਇਸ ਵਿਚੋਂ ਜਨਰਲ ਵਰਗ ਦਾ ਹਿੱਸਾ ਲਗਾਤਾਰ ਘਟ ਰਿਹਾ ਹੈ। ਸਰਕਾਰੀ ਐਲੀਮੈਂਟਰੀ ਸਕੂਲ ਕਿਲਾ ਕੋਟਕਪੂਰਾ ਵਿਖੇ ਸਾਲ 2000 ਵਿੱਚ ਜਿੱਥੇ ਛੇਵੀਂ ਜਮਾਤ ਦੇ ਕੁੱਲ 55 ਵਿਦਿਆਰਥੀਆਂ ਵਿਚੋਂ 16 ਜਨਰਲ ਵਰਗ ਨਾਲ ਸਬੰਧਿਤ ਸਨ ਉਥੇ ਇਸ ਵਰ੍ਹੇ ਕੁੱਲ ਗਿਣਤੀ ਵੱਧ ਕੇ 79 ਹੋਣ ਦੇ ਬਾਵਜੂਦ ਵੀ ਜਨਰਲ ਵਰਗ ਦੇ ਵਿਦਿਆਰਥੀਆਂ ਦੀ ਗਿਣਤੀ ਘਟ ਕੇ 10 ਹੀ ਰਹਿ ਗਈ ਹੈ। ਸ. ਐਲੀਮੈਂਟਰੀ ਸਕੂਲ ਡੋਡ ਦੇ ਇਹ ਅੰਕੜੇ ਸਾਲ 2000 ਵਿੱਚ 61 ਵਿਚੋਂ 24 ਅਤੇ ਇਸ ਵਰ੍ਹੇ 70 ਵਿਚੋਂ 8 ਰਹਿ ਗਏ ਹਨ। ਸਰਕਾਰੀ ਹਾਈ ਸਕੂਲ ਬਹਿਬਲ ਖੁਰਦ ਵਿਖੇ ਸਾਲ 2000 ਵਿੱਚ 40 ਵਿਚੋਂ 22 ਅਤੇ ਇਸ ਵਰ੍ਹੇ 46 ਵਿਚੋਂ ਸਿਰਫ 11 ਬੱਚੇ ਜਨਰਲ ਵਰਗ ਨਾਲ ਸਬੰਧਿਤ ਹਨ। ਸਰਕਾਰੀ ਸੈਕੰਡਰੀ ਸਕੂਲ ਰੱਤੀ ਰੋੜੀ - ਡੱਗੋ ਰੋਮਾਨਾ ਦੇ ਸਾਲ 2000 ਵਿੱਚ 47 ਵਿਦਿਆਰਥੀਆਂ ਵਿਚੋਂ 29 ਜਦ ਕਿ 2008 ਵਿੱਚ 53 ਵਿੱਚੋਂ 24 ਵਿਦਿਆਰਥੀ ਹੀ ਜਨਰਲ ਵਰਗ ਨਾਲ ਸਬੰਧਿਤ ਰਹਿ ਗਏ ਹਨ। ਬਾਕੀ ਸਕੂਲਾਂ ਵਿੱਚ ਵੀ ਲੱਗਭੱਗ ਇਹੀ ਰੁਝਾਨ ਵੇਖਣ ਵਿੱਚ ਆਇਆ ਹੈ।
ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਡਾਇਰੈਕਟਰ ਰਾਜਪਾਲ ਸਿੰਘ ਨੇ ਇਹ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਇਸ ਰੁਝਾਨ ਕਾਰਨ ਵਿਦਿਅਕ ਪੱਖੋਂ ਇੱਕ ਨਵੀਂ ਕਿਸਮ ਦਾ ਅਸਾਵਾਂਪਣ ਪੈਦਾ ਹੋ ਰਿਹਾ ਹੈ ਜਿਸ ਦੇ ਗੰਭੀਰ ਸਮਾਜਿਕ ਦੁਰਪ੍ਰਭਾਵ ਸਾਹਮਣੇ ਆ ਰਹੇ ਹਨ। ਜਿੱਥੇ ਇੱਕ ਪਾਸੇ ਸਿੱਖਿਆ ਦੇ ਅਸਲ ਮੰਤਵ ਦੇ ਉਲਟ ਸਮਾਜਿਕ ਵਰਗਵੰਡ ਘਟਣ ਦੀ ਬਜਾਏ ਹੋਰ ਮਜਬੂਤ ਹੋ ਰਹੀ ਹੈ ਉਥੇ ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਸੁਚਾਰੂ ਪ੍ਰਬੰਧ ਵਿੱਚ ਸਮਾਜ ਦਾ ਪ੍ਰਭਾਵੀ ਵਰਗ, ਆਪਣੇ ਬੱਚੇ ਉਥੇ ਨਾ ਪੜ੍ਹਨ ਕਾਰਣ, ਕੋਈ ਦਿਲਚਸਪੀ ਨਹੀਂ ਵਿਖਾ ਰਿਹਾ। ਇਹ ਗੱਲ ਇਸ ਪ੍ਰਸੰਗ ਵਿੱਚ ਹੋਰ ਵੀ ਵੱਧ ਚੁਭਵੀਂ ਹੋ ਜਾਂਦੀ ਹੈ ਜਦੋਂ ਕਿ ਸਰਕਾਰੀ ਸਕੂਲਾਂ ਦੇ ਪ੍ਰਬੰਧ ਨੂੰ ਸਰਕਾਰ ਵੱਧ ਤੋਂ ਵੱਧ ਸਥਾਨਿਕ ਪ੍ਰਸ਼ਾਸ਼ਨ ਅਧੀਨ ਲਿਆ ਰਹੀ ਹੈ। ਸੰਸਥਾ ਪੀਪਲਜ਼ ਫੋਰਮ ਨੇ ਪੰਜਾਬ ਦੇ ਸਮੂਹ ਸਿੱਖਿਆ ਸ਼ਾਸਤਰੀਆਂ, ਚਿੰਤਕਾਂ, ਅਧਿਆਪਕ ਜਥੇਬੰਦੀਆਂ ਅਤੇ ਵਿਦਿਅਕ ਨੀਤੀਘਾੜਿਆਂ ਨੂੰ ਅਪੀਲ ਕੀਤੀ ਹੈ ਕਿ ਸਿੱਖਿਆ ਦੇ ਸਮਾਜਿਕ ਬਰਾਬਰੀ ਵਾਲੇ ਉਦੇਸ਼ ਨੂੰ ਪੂਰਾ ਕਰਨ ਹਿਤ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਢੰਗ ਤਰੀਕੇ ਸੋਚੇ ਜਾਣ।
ਛੋਟੇ ਫੋਰਮ ਦੇ ਵੱਡੇ ਟੀਚੇ - ਗੁਲਜ਼ਾਰ ਸਿੰਘ ਸੰਧੂ
ਬਰਗਾੜੀ ਕੋਟਕਪੂਰਾ ਤੇ ਜੈਤੋ ਦੇ ਵਿਚਕਾਰ ਜਿਹੇ ਫਰੀਦਕੋਟ ਜ਼ਿਲੇ ਦਾ ਹਾਲ ਵਿਚ ਹੀ ਪ੍ਰਸਿੱਧ ਹੋਇਆ ਪਿੰਡ ਹੈ। ਇਸ ਨੂੰ ਪ੍ਰਸਿੱਧੀ ਦੇਣ ਵਾਲੀ ਸੰਸਥਾ ਦਾ ਨਾਂਅ ਪੀਪਲਜ਼ ਫੋਰਮ ਹੈ ਜਿਹੜੀ ਇਲਾਕੇ ਵਿਚ ਕੰਮ ਕਰਦੇ ਅਧਿਆਪਕਾਂ ਦੀ ਸੁਚੱਜੀ ਸੋਚ ਦਾ ਨਤੀਜਾ ਹੈ। ਮੈਂ ਇਸ ਦੇ ਕੰਮਾਂ ਤੋਂ ਜਾਣੂ ਹਾਂ। ਕੰਮ ਕਰਨ ਵਾਲਿਆਂ ਨੂੰ ਕਦੀ ਨਹੀਂ ਮਿਲਿਆ। ਹਾਂ-ਪੱਖੀ ਸੋਚ ਵਾਲੇ ਇਹ ਅਧਿਆਪਕ ਜੈਤੋ ਤੇ ਕੋਟਕਪੂਰਾ ਬਲਾਕ ਦੇ ਵਿਦਿਆਰਥੀਆਂ ਨੂੰ ਸਿਹਤ, ਸਿੱਖਿਆ, ਸਭਿਆਚਾਰ ਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਦੇ ਹਨ।
ਇਸ ਕਾਰਜ ਲਈ ਅਪਣਾਈਆਂ ਗਈਆਂ ਵਿਧੀਆਂ ਤੇ ਵਸੀਲੇ ਸਰਲ ਤੇ ਪ੍ਰਭਾਵੀ ਹਨ। ਸਕੂਲੀ ਬੱਚਿਆਂ ਲਈ ਪੜਾਈ, ਲਿਖਾਈ, ਚਿੱਤਰਕਾਰੀ ਕਵਿਤਾ, ਸੰਗੀਤ ਅਤੇ ਗਿਆਨ-ਵਿਗਿਆਨ ਦੇ ਮੁਕਾਬਲੇ ਕਰਵਾ ਕੇ ਬੱਚਿਆਂ ਨੂੰ ਇਨਾਮਾਂ ਰਾਹੀਂ ਉਤਸ਼ਾਹਤ ਕੀਤਾ ਜਾਂਦਾ ਹੈ। ਇਹ ਇਨਾਮ ਇਲਾਕੇ ਦੇ ਸਵਰਗਵਾਸੀ ਬਜ਼ੁਰਗਾਂ ਦੇ ਨਾਂਅ ਲਾਏ ਜਾਂਦੇ ਹਨ। ਇਨਾਮਾਂ ਦੀ ਰਕਮ ਵਿਛੜੇ ਬਜ਼ੁਰਗਾਂ ਦੇ ਹੋਣਹਾਰ ਤੇ ਸਮਾਜ-ਸੇਵੀ ਭਾਵਨਾ ਰਖਣ ਵਾਲੇ ਧੀ-ਪੁੱਤਰ ਦਿੰਦੇ ਹਨ।
ਫੋਰਮ ਵੱਲੋਂ ਅੰਤਰ-ਰਾਸ਼ਟਰੀ ਪੱਧਰ ਉੱਤੇ ਪ੍ਰਮਾਣ ਚੜੀਆਂ ਤਿੱਥੀਆਂ ਨੂੰ ਕੇਂਦਰ ਬਿੰਦੂ ਬਣਾਇਆ ਜਾਂਦਾ ਹੈ। ਬਾਲਕਾਂ ਤੇ ਮਾਪਿਆਂ ਦੀ ਯਾਦ ਨੂੰ ਸਮਰਪਿਤ ਇਨ੍ਹਾਂ ਦਿਵਸਾਂ ਤੋਂ ਬਿਨਾਂ ਮਾਤ ਭਾਸ਼ਾ, ਵਾਤਾਵਰਨ, ਗਿਆਨ-ਵਿਗਿਆਨ, ਜੈਵਿਕ ਵਿਭਿੰਨਤਾ, ਵਾਤਾਵਰਨ ਜਾਂ ਵਿਸ਼ਵ ਤਕਨਾਲੋਜੀ ਨਾਲ ਸਬੰਧਤ ਦਿਵਸ ਵੀ ਮਨਾਏ ਜਾਂਦੇ ਹਨ ਜਿਹੜੇ ਵਿਦਿਆਰਥੀ ਪ੍ਰਤਿਭਾ ਨੂੰ ਕਲਾ ਪ੍ਰਗਟਾਵੇ ਦਾ ਮੰਚ ਪ੍ਰਦਾਨ ਕਰਦੇ ਹਨ। ਲੋਕ ਮੇਲੇ, ਵਣ ਮਹਾਉਤਸਵ, ਜੈਵਿਕ-ਵਿਭਿੰਨਤਾ ਤੇ ਗਿਆਨ ਵਿਗਿਆਨ ਯਾਤਰਾਵਾਂ ਤੇ ਸਪਤਾਹ ਮਨਾਉਣ ਦੇ ਨਾਲ-ਨਾਲ ਪੁਸਤਕ ਮੇਲੇ ਤੇ ਪ੍ਰਦਰਸ਼ਨੀਆਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ। ਬਗੈਰ ਕਿਸੇ ਸਰਕਾਰੀ ਵਿੱਤੀ ਮਦਦ ਤੋਂ ਸੂਝਵਾਨ ਲੋਕਾਂ ਦੇ ਸਹਿਯੋਗ ਨਾਲ ਫੋਰਮ ਇਹ ਕਾਰਜ ਨੇਪਰੇ ਚਾੜ੍ਹ ਰਹੀ ਹੈ।
ਪੀਪਲਜ਼ ਫੋਰਮ ਬਰਗਾੜੀ ਨੇ ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕਾਂ ਵਿਚ ਸਿਹਤਮੰਦ ਮੁਕਾਬਲਿਆਂ ਦੀ ਪਿਰਤ ਪਾ ਕੇ ਸੱਤ ਸਾਲ ਦੇ ਥੋੜ੍ਹੇ ਜਿਹੇ ਸਮੇਂ ਵਿਚ ਚੰਗੀ-ਖਾਸੀ ਪਛਾਣ ਬਣਾ ਲਈ ਹੈ। ਇਲਾਕੇ ਦੇ ਸੂਝਵਾਨ ਲੋਕਾਂ ਦੇ ਸਹਿਯੋਗ ਸਦਕਾ, ਕਿਸੇ ਕਿਸਮ ਦੀ ਸਰਕਾਰੀ ਵਿੱਤੀ ਸਹਾਇਤਾ ਤੋਂ ਬਿਨਾਂ ਇਕ ਤਰ੍ਹਾਂ ਦੀ ਲਹਿਰ ਪੈਦਾ ਕਰਨਾ ਛੋਟੀ ਗੱਲ ਨਹੀਂ। ਪੰਜਾਬ ਦੇ ਹੋਰ ਬਲਾਕ ਵੀ ਅਜਿਹੀ ਰਾਸ ਰਸਾ ਸਕਦੇ ਹਨ। ਜੇ ਇਸ ਦੇ ਖੇਤਰ ਨੂੰ ਸਿਖਿਆ ਤੇ ਗਿਆਨ-ਵਿਗਿਆਨ ਤੱਕ ਸੀਮਤ ਨਾ ਰੱਖ ਕੇ ਇਸ ਵਿਚ ਦਾਜ ਦਹੇਜਮਾਦਾ ਭਰੂਣ ਹੱਤਿਆ ਤੇ ਨਸ਼ਾਖੋਰੀ ਆਦਿ ਵਿਸ਼ੇ ਵੀ ਸ਼ਾਮਿਲ ਕਰ ਲਏ ਜਾਣ ਤਾਂ ਇਕ ਵੱਡੀ ਸੁਧਾਰਕ ਲਹਿਰ ਉਤਪੰਨ ਹੋ ਸਕਦੀ ਹੈ। ਨੇਕ ਕੰਮਾਂ ਲਈ ਨਿੱਤਰੇ ਆਗੂ ਆਪਣੇ ਇਲਾਕੇ ਦੇ ਪਰਵਾਸੀ ਪੰਜਾਬੀਆਂ ਨੂੰ ਵੀ ਆਪਣੇ ਨਾਲ ਗੰਢ ਲੈਣ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਸਕਦਾ ਹੈ।
ਫੋਰਮ ਦਾ ਮੁੱਖ ਦਫ਼ਤਰ ਜੈਤੋ (ਫਰੀਦਕੋਟ) ਦੇ ਨੇੜੇ ਬਰਗਾੜੀ ਹੈ। ਪ੍ਰਧਾਨ ਖੁਸ਼ਵੰਤ ਬਰਗਾੜੀ ਹੈ। ਬਾਨੀ ਮੈਂਬਰਾਂ ਵਿਚ ਲੰਦਨ ਦਾ ਰਾਜਿੰਦਰਜੀਤ ਤੇ ਕੈਲਗਰੀ (ਕੈਨੇਡਾ) ਵਾਲਾ ਗੁਰਮੀਤ ਸਿੱਧੂ ਸ਼ਾਮਿਲ ਹਨ। ਪੰਜਾਬ ਦਾ ਕੋਈ ਵੀ ਅਧਿਆਪਕ ਜਾਂ ਬੀ ਡੀ ਓ ਆਪਣੇ ਇਲਾਕੇ ਵਿਚ ਇਸ ਤਰਾਂ ਦਾ ਕੰਮ ਕਰਕੇ ਨਾਮਣਾ ਖੱਟ ਸਕਦਾ ਹੈ।
(ਰੋਜ਼ਾਨਾ ਅਜੀਤ ਵਿਚੋਂ ਧੰਨਵਾਦ ਸਹਿਤ)
ਵਿਸਾਖੀ ਮੇਲਾ 2008
Annual Vaisakhi function of Peoples Forum was organised with great pump and show on 24th April at Shehanshah palace Kotkapura. Chief guest of the function was an eminent personality S. Joginder Singh, Former Director CBI who was honoured with Living Legend Award by the Forum. Two plays ‘Rabb Ji …. Hun Thalle Aajo’ and ‘Chand Jadon Roti Lagda Hai’ captivated the spectators. Both plays were written by Prince K.J. Singh and directed by Keerti Kirpal under whose brilliant direction children of Govt. Middle School Dod recieved wide appreciation from the gathering.
In the beginning a documentary film on the life of Dramatist and Activist Gursharan Singh was shown. Sixth Waris Shah Award was presented to writer Gurbhajan Gill from Ludhiana whereas Sahara Club Bathinda was honoured with Waris Punjab Award. Pride of Area Award was presented to two renowned persons of the area who have secured prominent achievements in their respective fields - Mr. Jatinder Singh Aulakh, commandent P.A.P. Chandigarh and Dr. Bhola Singh Sidhu, director Parvati Devi Memo. Hospital Amritsar. Sh. Dinesh Gupta C.A. and Dr. Manjit Singh Dhillon were specilal guests of the function.


